image caption:

ਮੇਲੇ ਤਿਉਹਾਰ ਰੀਤੀ ਰਿਵਾਜ਼ ਪੰਜਾਬ ਚ ਬਹੁਤ ਅਹਿਮੀਅਤ ਰੱਖਦੇ ਹਨ-ਪੰਜਾਬ ਚਿੰਤਕ

ਪੰਜਾਬ ਚਿੰਤਕ ਕਨਵੀਨਰ ਡਾ. ਅਮਰਜੀਤ ਟਾਂਡਾ ਨੇ ਪੰਜਾਬ ਵਿੱਚ ਵਿਸਰ ਰਹੀਆਂ ਭਾਈਚਾਰਕ ਸਾਂਝਾਂ ਲਈ ਰੀਤੀ ਰਿਵਾਜ਼ਾਂ ਦੀ ਮੁੜ ਵਾਪਸੀ ਤੇ ਇਹਨਾਂ ਦੀ ਅਹਿਮੀਅਤ ਬਾਰੇ ਪੁਰਜ਼ੋਰ ਅਪੀਲ ਕੀਤੀ। ਉਹ ਵਿਸਾਖੀ ਦੇ ਮੌਕੇ ਸੰਗਤਾਂ ਲੋਕਾਂ ਦੇ ਇਕ ਸਮੂਹ ਨੂੰ ਸੰਬੋਧਨ ਕਰ ਰਹੇ ਸਨ।

ਡਾ. ਟਾਂਡਾ ਨੇ ਦਾਅਵੇ ਨਾਲ ਕਿਹਾ ਕਿ ਜੇ ਅਸੀਂ ਮੁੜ ਰਲਮਿਲ ਮੇਲੇ ਤਿਉਹਾਰ ਮਨਾਉਣ ਲੱਗ ਪਏ ਤਾਂ ਲੋਕਾਂ ਦੇ ਮਨਾਂ ਵਿੱਚੋਂ ਤਣਾਓ ਤੇ ਪਰੇਸ਼ਾਨੀਆਂ ਘੱਟ ਨਹੀਂ ਸਗੋਂ ਖਤਮ ਹੋ ਜਾਣਗੀਆਂ।

ਉਹਨਾਂ ਨੇ ਕਿਹਾ ਕਿ ਦਿਲਾਂ ਚੋਂ ਨਫ਼ਰਤਾਂ ਪੂੰਝਣੀਆਂ ਔਖੀਆਂ ਨਹੀਂ ਹੁੰਦੀਆਂ, ਸਿਰਫ ਇਰਾਦਾ ਤੇ ਲਗਨ ਮਨਾਂ ਵਿਚ ਵਸਾਉਣ ਦੀ ਜ਼ਰੂਰਤ ਹੁੰਦੀ ਹੈ।

ਡਾਕਟਰ ਟਾਂਡਾ ਨੇ ਵਾਰਨਿੰਗ ਦਿੱਤੀ ਜੇ ਅਸੀਂ ਮੇਲੇ ਤਿਉਹਾਰ ਦੁਸਹਿਰੇ ਦਿਵਾਲੀਆਂ ਵਿਆਹ ਦੀਆਂ ਰਸਮਾਂ ਰੀਤਾਂ ਤਿਆਗ ਦਿੱਤੀਆਂ ਤਾਂ ਭਾਈਚਾਰਕ ਸਾਂਝਾ ਬਿਲਕੁਲ ਖਤਮ ਹੋ ਜਾਣਗੀਆਂ। ਅਸੀਂ ਇੱਕ ਦੂਸਰੇ ਤੋਂ ਟੁੱਟ ਕੇ ਬਹਿ ਜਾਵਾਂਗੇ। ਜਿਸ ਤਰ੍ਹਾਂ ਕਿ ਅੱਜਕਲ ਮਹਿਸੂਸ ਕੀਤਾ ਜਾ ਰਿਹਾ ਹੈ।

ਉਹਨਾਂ ਨੇ ਕਿਹਾ ਕਿ ਵਿਆਹ ਸਮੇਂ ਕਰਨ ਨਿਭਾਉਣ ਵਾਲੀਆਂ ਸਾਰੀਆਂ ਰਸਮਾਂ ਦੀ ਵੀ ਪੰਜਾਬੀਆਂ ਦੇ ਆਮ ਜਿਹੀ ਜ਼ਿੰਦਗੀ ਵਿੱਚ ਬਹੁਤ ਮਹਾਨਤਾ ਹੈ ਤੇ ਅਣਮੁੱਲੀ ਅਹਿਮੀਅਤ। ਇਹ ਇੱਕ ਵੱਡਾ ਖ਼ਜ਼ਾਨਾ ਹਨ। ਇਹ ਅਤੀਤ ਦੀਆਂ ਲੀਹਾਂ ਹਨ ਪੁਰਾਣੀਆਂ। ਸੋਹਣੀਆਂ ਵੀ ਹਨ ਤੇ ਰਮਣੀਕ ਵੀ।

ਉਹਨਾਂ ਇਹ ਵੀ ਕਿਹਾ ਕਿ ਇਹਨਾਂ ਸਾਰੀਆਂ ਰਸਮਾਂ ਨੂੰ ਨਿਭਾਉਣ ਪਿੱਛੇ ਅਨੇਕਾਂ ਹੀ ਸੱਭਿਆਚਾਰਕ ਅਤੇ ਸਮਾਜਿਕ ਪਿਛੋਕੜਾਂ ਤੇ ਕਾਰਣ ਹਨ।

ਡਾਕਟਰ ਟਾਂਡਾ ਨੇ ਕਿਹਾ ਕਿ ਵੈਦਿਕ ਸ਼ਾਸਤਰਾਂ ਦੇ ਅਨੁਸਾਰ, ਇਹ ਰਸਮਾਂ ਰੀਤਾਂ ਪੁਸ਼ਤੈਨੀ ਕਰਜ਼ਿਆਂ ਜਿਵੇਂ 'ਦੇਵ ਲੋਨ', 'ਰਿਸ਼ੀ ਲੋਨ' ਅਤੇ 'ਪਿਤਰ ਲੋਨ'ਤੋਂ ਵੀ ਮੁਕਤੀ ਦਿੰਦੀਆਂ ਹਨ। ਇਹ ਤਿਉਹਾਰ ਤੇ ਰਸਮਾਂ ਰਲਮਿਲ ਮਨਾਉਣ ਨਾਲ ਹੀ ਸੋਹਣੀਆਂ ਰੌਣਕਾਂ ਲਗਾਉਂਦੀਆਂ ਹਨ। ਇਹਨਾਂ ਰਾਹੀਂ ਹੀ ਮਨੁੱਖੀ ਰਿਸ਼ਤਿਆਂ ਦੀ ਆਪਸੀ ਸਾਂਝ ਵਧਦੀ ਹੈ।

ਡਾਕਟਰ ਟਾਂਡਾ ਨੇ ਕਿਹਾ ਕਿ ਵਿਆਹਾਂ ਨਾਲ ਸੰਬੰਧਿਤ ਸਧਰਾਂ ਰਸਮਾਂ ਦੀ ਪੂਰਤੀ ਤਾਂ ਹੁੰਦੀ ਹੀ ਹੈ। ਇਕ ਦੂਜੇ ਦੇ ਮਨ ਵੀ ਖਿੜਦੇ ਹਨ। ਦਿਲ ਵਿਚ ਜੋਤ ਜਗਦੀ ਹੈ ਮਿਲਣ ਦੀ। ਮਿਲਾਪ ਦੀ ਤਾਂਘ ਖਾਹਿਸ਼ ਚਾਹਤ ਉੱਗਦੀ ਹੈ। ਨਿੱਕੇ ਨਿੱਕੇ ਹਾਸੇ ਤੇ ਮੁਸਕਰਾਹਟਾਂ ਆਪਣੇ ਆਪ ਆ ਵਸਦੀਆਂ ਹਨ ਹੋਠਾਂ ਤੇ।

ਡਾਕਟਰ ਟਾਂਡਾ ਨੇ ਕਿਹਾ ਕਿ ਜ਼ਰਾ ਸੋਚੋ ਜੇ ਇਹ ਮੇਲੇ ਤਿਉਹਾਰ ਰਸਮਾਂ ਰੀਤਾਂ ਰਿਵਾਜ਼ ਨਾ ਹੁੰਦੇ ਤਾਂ ਜੀਵਨ ਦੀ ਟੋਰ ਵਿੱਚੋਂ ਰੀਝਾਂ ਚਾਅ ਅਲੋਪ ਹੋ ਜਾਣੇ ਸਨ। ਲੋਕ ਗੀਤ ਮਰ ਜਾਣੇ ਸੀ। ਵੈਰਾਗੇ ਜਾਣੇ ਸੀ ਪਲ ਪਹਿਰ ਜੀਵਨ ਦੇ। ਫਿਰ ਘੜੀਆਂ ਪਲ ਕਿਹਦੇ ਕੋਲ ਬਹਿ ਬਹਿ ਹੱਸਦੇ ਤੇ ਕਿਹਨੂੰ ਦਿੱਲ ਦੀਆਂ ਦੱਸਦੇ।