image caption: -ਰਜਿੰਦਰ ਸਿੰਘ ਪੁਰੇਵਾਲ

ਦੁਨੀਆ ਦਾ ਫੌਜੀ ਖਰਚ ਆਪਣੇ ਉੱਚੇ ਪੱਧਰ ਤੇ ਅਤੇ ਮਨੁੱਖਤਾ ਬਰਬਾਦੀ ਵਲ

ਦੁਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਵੱਖ ਵੱਖ ਮੁਲਕਾਂ ਦੇ ਫੌਜੀ ਖਰਚੇ 24.4 ਅਰਬ ਡਾਲਰ ਦੇ ਅੰਕੜੇ ਪਾਰ ਕਰ ਚੁੱਕੇ ਹਨ| ਸਾਮਰਾਜੀ ਮੁਲਕਾਂ ਦੀ ਆਪਸੀ ਖਹਿ ਨੇ ਮਨੁੱਖਤਾ ਨੂੰ ਤਬਾਹੀ ਦੇ ਕੰਢੇ ਤੇ ਲਿਆ ਖੜ੍ਹਾ ਕੀਤਾ ਹੈ| ਯੋਜਨਾਬੱਧ ਤਰੀਕੇ ਨਾਲ਼ ਕੀਤੀ ਜਾਣ ਵਾਲ਼ੀ ਹਥਿਆਰਬੰਦੀ ਜੰਗ ਦਾ ਐਲਾਨ ਹੈ ਜਿਸ ਦੀ ਕੀਮਤ ਆਮ ਲੋਕਾਈ ਨੂੰ ਤਾਰਨੀ ਪੈਂਦੀ ਹੈ| ਪਹਿਲਾਂ ਹੀ ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਜੰਗ ਸਮਾਜਿਕ ਅਤੇ ਆਰਥਿਕ ਸਰਾਪ ਹੈ|
ਦੁਨੀਆ ਦੇ ਦਸ ਵੱਡੇ ਮੁਲਕ- ਅਮਰੀਕਾ, ਚੀਨ, ਰੂਸ, ਭਾਰਤ, ਸਾਉਦੀ ਅਰਬ, ਇੰਗਲੈਂਡ, ਜਰਮਨੀ, ਯੂਕਰੇਨ, ਫਰਾਂਸ ਤੇ ਜਪਾਨ ਹਥਿਆਰਾਂ &rsquoਤੇ ਸਭ ਤੋਂ ਵੱਧ ਖਰਚ ਕਰਦੇ ਹਨ| ਪੂਰੀ ਦੁਨੀਆ ਦੇ ਹਥਿਆਰਾਂ &rsquoਤੇ ਕੀਤੇ ਜਾਣ ਵਾਲ਼ੇ ਖਰਚੇ ਦਾ 65 ਫੀਸਦੀ ਇਹਨਾਂ ਮੁਲਕਾਂ ਤੋਂ ਆਉਂਦਾ ਹੈ|
ਸਵੀਡਨ ਦੇ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦਾ ਕਹਿਣਾ ਹੈ ਕਿ ਦੁਨੀਆ ਦੇ ਵੱਖ-ਵੱਖ ਦੇਸ਼ ਇਸ ਸਮੇਂ ਹਥਿਆਰਾਂ, ਗੋਲਾ-ਬਾਰੂਦ ਅਤੇ ਹੋਰ ਫੌਜੀ ਸਾਜ਼ੋ-ਸਾਮਾਨ ਤੇ ਜਿੰਨਾ ਪੈਸਾ ਖਰਚ ਰਹੇ ਹਨ, ਪਹਿਲਾਂ ਕਦੇ ਨਹੀਂ ਹੋਇਆ|
ਸਿਪਰੀ ਨੇ ਜਾਰੀ ਆਪਣੀ ਤਾਜ਼ਾ ਰਿਪੋਰਟ ਵਿਚ ਕਿਹਾ ਹੈ ਕਿ 2023 ਵਿਚ ਗਲੋਬਲ ਫੌਜੀ ਖਰਚ ਨਵੇਂ ਰਿਕਾਰਡ ਤੇ ਪਹੁੰਚ ਗਿਆ ਹੈ| ਇਸ ਰਿਪੋਰਟ ਦੇ ਅਨੁਸਾਰ, 2023 ਵਿੱਚ ਫੌਜੀ ਖਰਚ 2022 ਦੇ ਮੁਕਾਬਲੇ 6.8 ਪ੍ਰਤੀਸ਼ਤ ਵੱਧ ਕੇ 24.4 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ| 2022 ਵਿੱਚ ਇਹ ਖਰਚਾ 22.4 ਟ੍ਰਿਲੀਅਨ ਡਾਲਰ ਸੀ| ਇਹ 2009 ਤੋਂ ਬਾਅਦ ਇੱਕ ਸਾਲ ਵਿੱਚ ਸਭ ਤੋਂ ਵੱਡਾ ਵਾਧਾ ਹੈ ਅਤੇ ਲਗਾਤਾਰ ਨੌਵਾਂ ਸਾਲ ਹੈ ਜਦੋਂ ਫੌਜੀ ਖਰਚ ਵਿੱਚ ਵਾਧਾ ਹੋਇਆ ਹੈ| ਇਸ ਵਾਧੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਦਸ ਦੇਸ਼ਾਂ ਦੇ ਫੌਜੀ ਖਰਚੇ ਬਹੁਤ ਵਧ ਗਏ ਹਨ| ਇਸ ਤੋਂ ਇਲਾਵਾ ਇਸ ਵਾਧੇ ਵਿੱਚ ਰੂਸ-ਯੂਕਰੇਨ ਯੁੱਧ ਦੀ ਵੀ ਵੱਡੀ ਭੂਮਿਕਾ ਹੈ| ਸਿਪਰੀ ਦੇ ਖੋਜਕਰਤਾ ਲੋਰੇਂਜ਼ੋ ਸਕਾਰਜ਼ਾਟੋ ਨੇ  ਦੱਸਿਆ, ਸਾਡੇ ਦੁਆਰਾ ਟਰੈਕ ਕੀਤੇ ਜਾਣ ਵਾਲੇ ਸਾਰੇ ਖੇਤਰਾਂ ਵਿੱਚ ਖਰਚ ਵਧਿਆ ਹੈ| ਇਸ ਕਾਰਣ ਦੁਨੀਆ ਘੱਟ ਸੁਰੱਖਿਅਤ ਮਹਿਸੂਸ ਕਰ ਰਹੀ ਹੈ ਅਤੇ ਕੂਟਨੀਤੀ ਦੀ ਬਜਾਏ ਹੋਰ ਤਰੀਕਿਆਂ ਵੱਲ ਮੁੜ ਰਹੀ ਹੈ| ਇਸ ਨਾਲ ਫੌਜੀ ਖਰਚਿਆਂ ਵਿਚ ਨਿਵੇਸ਼ ਵਧ ਰਿਹਾ ਹੈ|
ਸਭ ਤੋਂ ਵੱਧ ਫੌਜੀ ਖਰਚ ਕਰਨ ਵਾਲੇ ਦੇਸ਼ਾਂ ਵਿਚ ਅਮਰੀਕਾ ਅਜੇ ਵੀ ਸਿਖਰ ਤੇ ਬਣਿਆ ਹੋਇਆ ਹੈ| 2023 ਵਿੱਚ, ਅਮਰੀਕਾ ਨੇ ਫੌਜੀ ਪ੍ਰਬੰਧ ਤੇ 916 ਬਿਲੀਅਨ ਡਾਲਰ ਖਰਚ ਕੀਤੇ, ਜੋ ਕਿ ਵਿਸ਼ਵ ਦੇ ਕੁੱਲ ਖਰਚੇ ਦਾ 37 ਪ੍ਰਤੀਸ਼ਤ ਜਾਂ ਇੱਕ ਤਿਹਾਈ ਤੋਂ ਵੱਧ ਹੈ|
ਦੂਜੇ ਨੰਬਰ ਤੇ ਚੀਨ ਹੈ, ਜਿਸ ਦਾ ਖਰਚ ਅਮਰੀਕਾ ਦਾ ਇਕ ਤਿਹਾਈ ਹੈ| ਇਸ &rsquoਤੇ 296 ਬਿਲੀਅਨ ਡਾਲਰ ਖਰਚ ਹੋਏ, ਜੋ ਕਿ ਕੁੱਲ ਖਰਚੇ ਦਾ 12 ਫੀਸਦੀ ਹੈ| ਇਹ 2022 ਦੇ ਮੁਕਾਬਲੇ 6 ਫੀਸਦੀ ਜ਼ਿਆਦਾ ਹੈ| ਇਨ੍ਹਾਂ ਦੋਵਾਂ ਦੇਸ਼ਾਂ ਨੇ ਕੁੱਲ ਖਰਚੇ ਦਾ ਅੱਧਾ ਹਿੱਸਾ ਪਾਇਆ|
2022 ਵਿੱਚ ਸਭ ਤੋਂ ਵੱਧ ਖਰਚ ਕਰਨ ਵਾਲੇ ਪੰਜ ਦੇਸ਼ 2023 ਵਿੱਚ ਵੀ ਉਹੀ ਰਹੇ| ਰੂਸ ਤੀਜੇ ਨੰਬਰ ਤੇ ਹੈ| ਇਸ ਤੋਂ ਬਾਅਦ ਭਾਰਤ ਅਤੇ ਸਾਊਦੀ ਅਰਬ ਦਾ ਨੰਬਰ ਆਉਂਦਾ ਹੈ| 2023 ਵਿੱਚ ਰੂਸ ਦਾ ਖਰਚਾ 2022 ਦੇ ਮੁਕਾਬਲੇ 24 ਫੀਸਦੀ ਵੱਧ ਕੇ 109 ਬਿਲੀਅਨ ਡਾਲਰ ਤੱਕ ਪਹੁੰਚ ਗਿਆ| ਰੂਸ ਨੇ 2014 ਵਿੱਚ ਕ੍ਰੀਮੀਆ ਨੂੰ ਯੂਕਰੇਨ ਤੋਂ ਵੱਖ ਕਰਨ ਤੋਂ ਬਾਅਦ ਇਹ 57 ਪ੍ਰਤੀਸ਼ਤ ਦਾ ਵਾਧਾ ਹੈ| ਰੂਸ ਆਪਣੀ ਜੀਡੀਪੀ ਦਾ 5.9 ਫੀਸਦੀ ਫੌਜ &rsquoਤੇ ਖਰਚ ਕਰ ਰਿਹਾ ਹੈ|
ਫੌਜੀ ਖਰਚਿਆਂ ਦੇ ਲਿਹਾਜ਼ ਨਾਲ ਚੌਥਾ ਸਭ ਤੋਂ ਵੱਡਾ ਦੇਸ਼ ਭਾਰਤ ਹੈ ਜਿਸ ਨੇ 83.6 ਬਿਲੀਅਨ ਡਾਲਰ ਖਰਚ ਕੀਤੇ ਹਨ| ਇਹ 2022 ਦੇ ਮੁਕਾਬਲੇ 4.2 ਫੀਸਦੀ ਜ਼ਿਆਦਾ ਸੀ| ਫੌਜੀ ਖਰਚਿਆਂ ਦੇ ਮਾਮਲੇ ਵਿੱਚ ਯੂਕਰੇਨ ਅੱਠਵਾਂ ਸਭ ਤੋਂ ਵੱਡਾ ਦੇਸ਼ ਸੀ| ਇਸ ਦਾ ਖਰਚਾ 51 ਫੀਸਦੀ ਵਧ ਕੇ 64.8 ਬਿਲੀਅਨ ਡਾਲਰ ਤੱਕ ਪਹੁੰਚ ਗਿਆ, ਜੋ ਕਿ ਇਸਦੀ ਕੁੱਲ ਜੀਡੀਪੀ ਦਾ 37 ਫੀਸਦੀ ਹੈ| ਫੌਜੀ ਖਰਚਿਆਂ ਵਿੱਚ ਸਭ ਤੋਂ ਵੱਧ ਵਾਧਾ ਕਾਂਗੋ ਦੇ ਲੋਕਤੰਤਰੀ ਗਣਰਾਜ ਵਿੱਚ ਦੇਖਿਆ ਗਿਆ, ਜਿੱਥੇ ਸਰਕਾਰ ਅਤੇ ਬਾਗੀਆਂ ਵਿਚਕਾਰ ਜੰਗ ਜਾਰੀ ਹੈ| ਇਸ ਦਾ ਖਰਚਾ 105 ਫੀਸਦੀ ਵਧਿਆ ਹੈ|
ਇਜ਼ਰਾਈਲ, ਮੱਧ ਪੂਰਬ ਵਿੱਚ ਸਾਊਦੀ ਅਰਬ ਤੋਂ ਬਾਅਦ ਸਭ ਤੋਂ ਵੱਧ ਫੌਜੀ ਖਰਚ ਕਰਨ ਵਾਲਾ ਦੇਸ਼, 2022 ਤੱਕ 27.5 ਬਿਲੀਅਨ ਡਾਲਰ ਤੇ 24 ਪ੍ਰਤੀਸ਼ਤ ਵੱਧ ਖਰਚ ਕਰਦਾ ਸੀ| ਦੂਜੇ ਪਾਸੇ, ਈਰਾਨ ਖੇਤਰ ਵਿੱਚ ਚੌਥਾ ਸਭ ਤੋਂ ਵੱਧ ਖਰਚ ਕਰਨ ਵਾਲਾ ਸੀ, ਜਿਸ ਨੇ ਕੁੱਲ M10.3 ਬਿਲੀਅਨ ਖਰਚ ਕੀਤੇ| ਉਪਲਬਧ ਅੰਕੜਿਆਂ ਮੁਤਾਬਕ 2019 ਦੌਰਾਨ ਈਰਾਨ ਵਿਚ ਫੌਜ ਤੇ ਖਰਚ 27 ਫੀਸਦੀ ਸੀ, ਜੋ ਹੁਣ ਵਧ ਕੇ 37 ਫੀਸਦੀ ਹੋ ਗਿਆ ਹੈ|
ਸਰਮਾਏਦਾਰਾ ਮੁਲਕਾਂ ਦੇ ਡਿੱਗਦੇ ਮੁਨਾਫੇ ਕਰ ਕੇ ਆਮ ਲੋਕਾਈ ਨੂੰ ਨਿਹੱਕੀਆਂ ਜੰਗਾਂ ਵਿਚ ਝੋਕਿਆ ਜਾ ਰਿਹਾ ਹੈ| ਇਹ ਮਨੁੱਖਤਾ ਨੂੰ ਇੱਕ ਹੋਰ ਵੱਡੀ ਤਬਾਹੀ ਵੱਲ ਧੱਕਣ ਦੀ ਤਿਆਰੀ ਹੈ| ਲੋਕ ਹਿਤੈਸ਼ੀ ਤਾਕਤਾਂ ਦਾ ਫਰਜ਼ ਹੈ ਕਿ ਉਹ ਤਬਾਹੀ ਦੇ ਇਸ ਮੰਜ਼ਰ ਵਿਚੋਂ ਉਸਾਰੀ ਦੇ ਕਾਰਜ ਉਲੀਕਣ ਤਾਂ ਕਿ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਜੰਗ ਦੇ ਇਸ ਜਿੱਲਣ ਵਿਚੋਂ ਸਦਾ ਸਦਾ ਲਈ ਕੱਢਿਆ ਜਾ ਸਕੇ|
-ਰਜਿੰਦਰ ਸਿੰਘ ਪੁਰੇਵਾਲ